ਸਪੇਨ ’ਚ ਹਜ਼ਾਰਾਂ ਪੰਜਾਬੀ ਨੌਜਵਾਨਾਂ ਵੱਲੋਂ ਫਿਰ ਜ਼ਬਰਦਸਤ ਰੋਸ ਮੁਜ਼ਾਹਰਾ
Monday, 27 July 2009 14:02
ਸਪੇਨ ਸਰਕਾਰ ਦੇ ਸੰਪਰਕ ’ਚ ਹਾਂ : ਪਰਨੀਤ ਕੌਰ
ਬਾਰਸੀਲੋਨਾ (ਸਪੇਨ), 27 ਜੁਲਾਈ (dvnews) : ਦੋ ਹਜ਼ਾਰ ਤੋਂ ਵੱਧ ਭਾਰਤੀ ਨੌਜਵਾਨਾਂ, ਜਿਨ੍ਹਾਂ ਵਿਚੋਂ ਵਧੇਰੇ ਪੰਜਾਬੀ ਸਨ, ਨੇ ਸਨਿੱਚਰਵਾਰ 25 ਜੁਲਾਈ ਨੂੰ ਇੱਥੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਪਿਛਲੇ ਦੋ ਹਫ਼ਤਿਆਂ ’ਚ ਪੰਜਾਬੀ ਨੌਜਵਾਨਾਂ ਦਾ ਇਹ ਦੂਜਾ ਰੋਸ ਪ੍ਰਦਰਸ਼ਨ ਹੈ। ਇਹ ਨੌਜਵਾਨ ਸਪੇਨ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲ਼ੇ ‘ਪੁਲਿਸ ਕਲੀਅਰੈਂਸ ਸਰਟੀਫ਼ਿਕੇਟ’ ਛੇਤੀ ਜਾਰੀ ਕੀਤੇ ਜਾਣ ਦੀ ਮੰਗ ਕਰ ਰਹੇ ਸਨ ਤਾਂ ਜੋ ਉਨ੍ਹਾਂ ਨੂੰ ਸਪੇਨ ’ਚ ਕਾਨੂੰਨੀ ਪ੍ਰਵਾਸੀ ਦਾ ਦਰਜਾ ਹਾਸਲ ਹੋ ਸਕੇ। ਪਿਛਲੇ ਸਾਲ ਅਕਤੂਬਰ ’ਚ ਸਪੇਨ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੁੱਝ ਤਬਦੀਲੀ ਕਰਦਿਆਂ ਭਾਰਤ, ਪਾਕਿਸਤਾਨ ਅਤੇ ਕੁੱਝ ਹੋਰ ਏਸ਼ੀਆਈ ਦੇਸ਼ਾਂ ਦੇ ਨਾਂਗਰਿਕਾਂ ਲਈ ਅਜਿਹੇ ਸਰਟੀਫ਼ਿਕੇਟ ਲਾਜ਼ਮੀ ਕਰਾਰ ਦੇ ਦਿੱਤੇ ਸਨ। ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਭਾਰਤ ਦੇ ਕਿਸੇ ਸਬੰਧਤ ਸੂਬੇ ਦੀ ਪੁਲਿਸ ਨੇ ਨਹੀਂ ਸਗੋਂ ਨਵੀਂ ਦਿੱਲੀ ਸਥਿਤ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕਰਵਾਉਣ ਦੀ ਸ਼ਰਤ ਵੀ ਹੈ ਅਤੇ ਇੱਥੇ ਸਥਿਤ ਭਾਰਤੀ ਕੌਂਸਲੇਟ ਅਧਿਕਾਰੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਇਨ੍ਹਾਂ ਨੌਜਵਾਨਾਂ ਦਾ ਮਾਮਲਾ ਪਹਿਲਾਂ ਹੀ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਫ਼ਤਰ ਤੱਕ ਪਹੁੰਚਾ ਚੁੱਕੇ ਹਨ। ਬੀਤੀ 27 ਅਪ੍ਰੈਲ ਨੂੰ ਸਪੇਨ ਸਰਕਾਰ ਨੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਉਪਰੋਕਤ ‘ਪੁਲਿਸ ਕਲੀਅਰੈਂਸ ਸਰਟੀਫ਼ਿਕੇਟ’ ਲਿਆਉਣ ਲਈ ਤਿੰਨ ਮਹੀਨਿਆਂ ਦੀ ਡੈਡਲਾਈਨ ਨਿਸਚਿਤ ਕਰ ਦਿੱਤੀ ਸੀ।
ਸਨਿੱਚਰਵਾਰ ਨੂੰ ਪੰਜਾਬੀ ਨੌਜਵਾਨਾਂ ਵੱਲੋਂ ਕੀਤੇ ਗਏ ਜ਼ਬਰਦਸਤ ਰੋਸ ਮੁਜ਼ਾਹਰੇ ਨੂੰ ਸਪੇਨ ਦੀ ਮਨੁੱਖੀ ਅਧਿਕਾਰ ਜਥੇਬੰਦੀ ਦੀ ਹਮਾਇਤ ਵੀ ਹਾਸਲ ਸੀ। ਭਾਰਤੀ ਰੋਸ ਮੁਜ਼ਾਹਰਾਕਾਰੀ 2 ਕਿਲੋਮੀਟਰ ਪੈਦਲ ਮਾਰਚ ਕਰਦੇ ਹੋਏ ਸੈਂਟਰ ਬਾਰਸੀਲੋਨਾ ਪੁੱਜੇ, ਜਿੱਥੇ ਸਨਿੱਚਰਵਾਰ ਸ਼ਾਮੀਂ 6 ਵਜੇ ਉਨ੍ਹਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦੀ ਪ੍ਰਵਾਨਗੀ ਮਿਲ਼ੀ ਹੋਈ ਸੀ। ਸ. ਰਣਜੀਤ ਸਿੰਘ ਨੇ ਦੱਸਿਆ ਕਿ ਸਪੇਨ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਸ ਨੂੰ ਪੰਜਾਬੀ ਨੌਜਵਾਨਾਂ ਸਮੇਤ ਹੋਰ ਪ੍ਰਵਾਸੀ ਭਾਰਤੀਆਂ ਨੂੰ ਕਾਨੂੰਨੀ ਦਰਜਾ ਦੇਣ ਵਿੱਚ ਕੋਈ ਇਤਰਾਜ਼ ਨਹੀਂ, ਉਹ ਕੇਵਲ ‘ਪੁਲਿਸ ਕਲੀਅਰੈਂਸ ਸਰਟੀਫ਼ਿਕੇਟ’ ਦੀ ਸ਼ਰਤ ਪੂਰੀ ਕਰ ਦੇਣ। ਇਸ ਸਬੰਧੀ ਜਦੋਂ ਭਾਰਤ ਦੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨਾਲ਼ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਪੇਨ ’ਚ ਭਾਰਤੀ ਨੌਜਵਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਮੁਕੰਮਲ ਜਾਣਕਾਰੀ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਇਸ ਵੇਲੇ ਇਸੇ ਮੁੱਦੇ ਨੂੰ ਲੈ ਕੇ ਸਪੇਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਸਪੇਨ ਦੇ ਅਧਿਕਾਰੀਆਂ ਨਾਲ਼ ਫ਼ੋਨ ’ਤੇ ਫਿਰ ਗੱਲ ਕਰਨਗੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਰੋਪੜ ਹਲਕੇ ਤੋਂ ਕਾਂਗਰਸ ਦੇ ਐਮ. ਪੀ. ਰਵਨੀਤ ਸਿੰਘ ਬਿੱਟੂ ਪਹਿਲਾਂ ਹੀ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਸਪੇਨ ’ਚ ਫਸੇ ਹੋਣ ਦਾ ਮਾਮਲਾ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇੱਥੇ ਇਸ ਵੇਲੇ 5 ਹਜ਼ਾਰ ਦੇ ਕਰੀਬ ਪੰਜਾਬੀ ਨੌਜਵਾਨ ਪਿਛਲੇ ਤਿੰਨ ਤੋਂ ਪੰਜ ਸਾਲਾਂ ਤੋਂ ਰਹਿ ਰਹੇ ਹਨ, ਇਨ੍ਹਾਂ ਵਿਚੋਂ ਬਹੁਤੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜ¦ਧਰ ਜ਼ਿਲ੍ਹਿਆਂ ਨਾਲ਼ ਸਬੰਧਤ ਹਨ। ਉਹ ਜਾਂ ਤਾਂ ਹੋਟਲ ਉਦਯੋਗ ਵਿੱਚ ਕੰਮ ਕਰ ਰਹੇ ਹਨ ਅਤੇ ਜਾਂ ਫ਼ਾਰਮ ਹਾਊਸਾਂ ਵਿੱਚ ਲੱਗੇ ਹੋਏ ਹਨ। ਹੁਣ ਸਪੇਨ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੇ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਮੰਗ ਰਹੀ ਹੈ। ਪਹਿਲਾਂ ਇਹ ਸਰਟੀਫ਼ਿਕੇਟ ਸਬੰਧਤ ਸੂਬਾ ਸਰਕਾਰ ਦੀ ਪੁਲਿਸ ਹੀ ਦਿੰਦੀ ਸੀ ਪਰ ਹੁਣ ਇਹ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਹੈ। ਪੰਜਾਬੀ ਰੋਸ ਮੁਜ਼ਾਹਰਾਕਾਰੀ ਨੌਜਵਾਨਾਂ ਨੇ ਬੀਤੀ 13 ਜੁਲਾੲਂ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਅੰਦਰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਨਾ ਕੀਤੇ ਤਾਂ ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ ਭਾਰਤੀ ਸਫ਼ਾਰਤਖਾਨੇ ਦੇ ਸਾਹਮਣੇ ਭੁੱਖ ਹੜਤਾਲ ’ਤੇ ਬੈਠ ਜਾਣਗੇ ਅਤੇ ਉਸ ਹਾਲਤ ਵਿੱਚ ਸਮੁੱਚੇ ਵਿਸ਼ਵ ’ਚ ਭਾਰਤ ਦੀ ਹੋਣ ਵਾਲ਼ੀ ਬਦਨਾਮੀ ਲਈ ਵੀ ਉਹ ਜ਼ਿੰਮੇਵਾਰ ਨਹੀਂ ਹੋਣਗੇ। ਗ਼ੌਰਤਲਬ ਹੈ ਕਿ ਪਹਿਲਾਂ ਜਿਸ ਸੂਬੇ ਨਾਲ਼ ਸਪੇਨ ’ਚ ਰਹਿਣ ਵਾਲ਼ਾ ਐਨ ਆਰ ਆਈ ਸਬੰਧਤ ਹੁੰਦਾ ਸੀ, ਉਸ ਸੂਬੇ ਦੀ ਪੁਲਿਸ ਵੱਲੋਂ ਜਾਰੀ ਸਰਟੀਫ਼ਿਕੇਟ ’ਤੇ ਭਾਰਤ ਦਾ ਕੇਂਦਰੀ ਗ੍ਰਹਿ ਮੰਤਰਾਲਾ ਆਪਣੀ ਮੋਹਰ ਲਾ ਦਿੰਦਾ ਸੀ ਪਰ ਇਸ ਵਰ੍ਹੇ ਮਾਰਚ ਤੋਂ ਸਪੇਨ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਕੁੱਝ ਸਖ਼ਤ ਕਰਦੇ ਹੋਏ ਇਹ ਸ਼ਰਤ ਰੱਖ ਦਿੱਤੀ ਹੈ ਕਿ ‘ਪੁਲਿਸ ਕਲੀਅਰੈਂਸ ਸਰਟੀਫ਼ਿਕੇਟ’ ਸਿਰਫ਼ ਭਾਰਤ ਸਰਕਾਰ ਵੱਲੋਂ ਹੀ ਜਾਰੀ ਕੀਤਾ ਹੋਇਆ ਹੋਣਾ ਚਾਹੀਦਾ ਹੈ। ਪਿਛਲੇ ਅੱਠ ਕੁ ਸਾਲਾਂ ਤੋਂ ਪੰਜਾਬੀ ਨੌਜਵਾਨ ਹੁਣ ਸਪੇਨ ਜਾਣਾ ਪਸੰਦ ਕਰਨ ਲੱਗੇ ਹਨ ਕਿਉਂਕਿ ਉਥੇ ਨਿਰਮਾਣ ਖੇਤਰ ਵਿੱਚ ਉਨ੍ਹਾਂ ਨੂੰ ਹਰ ਹਾਲਤ ਵਿੱਚ ਕੋਈ ਨਾ ਕੋਈ ਨੌਕਰੀ ਮਿਲ਼ ਹੀ ਜਾਂਦੀ ਹੈ। ਪੰਜ ਵਰ੍ਹੇ ਪਹਿਲਾਂ ਭੁਲੱਥ (ਕਪੂਰਥਲਾ) ਤੋਂ ਸਪੇਨ ਗਏ ਗੁਰਪ੍ਰੀਤ ਸਿੰਘ (28) ਨੇ ਦੱਸਿਆ ਕਿ ਇਸ ਵੇਲੇ 5 ਹਜ਼ਾਰ ਦੇ ਕਰੀਬ ਭਾਰਤੀ ਨੌਜਵਾਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ ਬਹੁ-ਗਿਣਤੀ ਪੰਜਾਬੀਆਂ ਦੀ ਹੀ ਹੈ। ਉਹ ਹੋਟਲ ਉਦਯੋਗ, ਖੇਤੀਬਾੜੀ ਅਤੇ ਸੂਰ ਫ਼ਾਰਮਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ‘‘ਅਸੀਂ ਇੱਥੇ ਬਿਲਕੁਲ ਉਸੇ ਤਰ੍ਹਾਂ ਖ਼ੁਸ਼ ਹਾਂ, ਜਿਵੇਂ ਆਸਟਰੇਲੀਆ ਜਾਂ ਕਿਸੇ ਹੋਰ ਦੇਸ਼ ਵਿੱਚ ਰਹਿ ਰਹੇ ਐਨ ਆਰ ਆਈ ਹਨ। ਇੱਥੇ ਕਿਸੇ ਨਾਲ਼ ਕੋਈ ਨਸਲੀ ਵਿਤਕਰਾ ਨਹੀਂ ਹੁੰਦਾ, ਇੱਥੇ ਕਾਮਿਆਂ ਦਾ ਪੂਰਾ ਮਾਣ ਸਤਿਕਾਰ ਹੁੰਦਾ ਹੈ। ਇਸੇ ਲਈ ਪੰਜਾਬੀ ਨੌਜਵਾਨ ਹੁਣ ਸਪੇਨ ਦੇ ਪੱਕੇ ਨਾਗਰਿਕ ਬਣਨਾ ਲੋਚਦੇ ਹਨ।’’ ਇਹ ਵੀ ਇੱਕ ਵੱਡਾ ਦੁਖਾਂਤ ਹੈ ਕਿ ਭਾਰਤ ’ਚ ਨੌਕਰੀਆਂ ਨਾ ਮਿਲਣ ਕਾਰਣ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਜਾ ਕੇ ਰੋਜ਼ਗਾਰ ਦੀ ਭਾਲ਼ ਕਰਨੀ ਪੈਂਦੀ ਹੈ ਅਤੇ ਜਦੋਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲ਼ਦਾ ਤਾਂ ਰੋਸ ਪੈਦਾ ਹੋਣਾ ਸੁਭਾਵਕ ਹੀ ਹੈ। ਸ੍ਰੀਮਤੀ ਪਰਨੀਤ ਕੌਰ ਦੇ ਭਰੋਸੇ ਨਾਲ਼ ਉਨ੍ਹਾਂ ਨੂੰ ਕੁੱਝ ਆਸ ਜ਼ਰੂਰ ਬੱਝੀ ਹੈ।
No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris