Popular Posts

Thursday, 6 August 2009

These news have taken with the help of Music Punjab blogspot.com

Sunday, March 1, 2009

‘ਮੈਂ ਕਿਸੇ ਦੀ ਨਿੰਦਾ ਨਹੀਂ ਕਰਨੀ’

0 ਬਾਦਲ ਸਾਹਿਬ ਨੇ ਮੈਨੂੰ ਕਿਤੇ ਵੀ ਗਾਉਣ ਦੀ ਖੁੱਲ੍ਹ ਦਿੱਤੀ ਹੈ

0 ਲੋਕ ਕਿਹਾ ਕਰਨਗੇ ਕਿ ਭਾਈ ਘਨੱਈਆ ਦਾ ਭਗਤ ਆ ਗਿਆ

0 ਪਾਰਲੀਮੈਂਟ ’ਚ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਮੁੱਦੇ ਚੁਕਿਆ ਕਰਾਂਗਾ

ਹੰਸ ਰਾਜ ਹੰਸ ਨਾਲ ਗੌਤਮ ਰਿਸ਼ੀ ਵਲੋਂ ਕੀਤੀ ਵਿਸ਼ੇਸ਼ ਮੁਲਾਕਾਤ ਦੇ ਕੁਝ ਅੰਸ਼


ਜਲੰਧਰ ਜਿਲ੍ਹੇ ਦੇ ਸ਼ਫੀਪੁਰ ਪਿੰਡ ਦੇ ਹੰਸ ਰਾਜ ਹੰਸ ਦਾ ਨਾਂ ਕਿਸੇ ਵੀ ਪੰਜਾਬੀ ਬੰਦੇ ਲਈ ਅਣਸੁਣਿਆ ਨਹੀਂ ਹੈ। ਬਸ ਫਰਕ ਇੰਨਾ ਹੈ ਕਿ ਬਹੁਤ ਘੱਟ ਅਜਿਹੇ ਲੋਕ ਹੋਣਗੇ ਜਿਹੜੇ ਉਨਾਂ ਦੇ ਹਰ ਰੂਪ ਤੋਂ ਵਾਕਫ ਹੋਣਗੇ। ਪੂਰਨ ਸ਼ਾਹ ਕੋਟੀ ਤੋਂ ਸੰਗੀਤ ਦੇ ਗੁਰ ਸਿੱਖ ਕੇ ਹੰਸ ਰਾਜ ਹੰਸ ਨੇ ਦੇਸ਼ ਵਿਦੇਸ਼ ਵਿਚ ਅਪਣੀ ਪਹਿਚਾਣ ਬਣਾਈ ਹੈ। ਹੰਸ ਰਾਜ ਨੇ ਲੋਕ ਗੀਤ ਗਾਏ, ਸੂਫੀ ਬਾਣੇ ਪਾਏ, ਸਮੇਂ ਨੇ ਬਦਲਿਆ ਤਾਂ ਪੌਪ ਗੀਤ ਗਾਉਣ ਤੋਂ ਵੀ ਸੰਕੋਚ ਨਾ ਕੀਤਾ। ਉਨਾਂ ਦੇ ਕਈ ਗੀਤ ਆਮ ਜ਼ੁਬਾਨ ’ਤੇ ਚੜ੍ਹੇ ਅਤੇ ਕੁਝ ਵਿਵਾਦਾਂ ਵਿਚ ਵੀ ਉਲਝੇ। ਭਾਰਤ ਸਰਕਾਰ ਨੇ ਹਾਲ ਹੀ ਦੌਰਾਨ ਉਨਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ ਹੈ, ਪਰ ਸਭ ਤੋਂ ਜ਼ਿਆਦਾ ਚਰਚਾ ਉਦੋਂ ਹੋਈ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪਿਛਲੀ ਸਰਕਾਰ ਨੇ ਹੰਸ ਨੂੰ ਰਾਜ ਗਾਇਕ ਦਾ ਦਰਜਾ ਦਿੱਤਾ ਸੀ। ਹੁਣ ਹੰਸ ਰਾਜ ਹੰਸ ’ਤੇ ਪ੍ਰਕਾਸ਼ ਸਿੰਘ ਬਾਦਲ ਦੀ ਫਿਰ ਮਿਹਰ ਹੋਈ ਹੈ। ਉਨਾਂ ਨੂੰ ਲੋਕ ਸਭਾ ਦੀ ਜਲੰਧਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮਿਲੀ ਹੈ। ਹੰਸ ਰਾਜ ਹੰਸ ਨਾ ਸਿਰਫ ਅਪਣੀ ਜਿੱਤ ਪ੍ਰਤੀ ਪੂਰਨ ਤੌਰ ’ਤੇ ਆਸਵੰਦ ਹਨ ਬਲਕਿ ਪੰਜਾਬ ਦੀ ਤਾਅਣੇ ਮਿਹਣਿਆਂ ਨਾਲ ਭਰੀ ਸਿਆਸਤ ਨੂੰ ਵੀ ਸੂਫੀ ਰੰਗ ਵਿਚ ਰੰਗਣ ਦੇ ਇਛੁਕ ਹਨ।

? ਲੋਕ ਗਾਇਕੀ, ਪੌਪ ਗਾਇਕੀ ਫਿਰ ਸੂਫੀ, ਸਾਈਂ ਦਰਬਾਰ ਦੀ ਗੱਦੀ ਨਸ਼ੀਨੀ ਅਤੇ ਹੁਣ ਇਕਦਮ ਸਿਆਸਤ ਵਿਚ, ਇਹ ਕਿਵੇਂ ਹੋਇਆ।

- ਮੈਨੂੰ ਇਥੋਂ ਤੱਕ ਹਾਲਾਤ ਲੈ ਕੇ ਆਏ ਹਨ। ਕਈ ਸਾਲਾਂ ਤੋਂ ਸਿਆਸਤ ਵਿਚ ਆਉਣ ਬਾਰੇ ਗੱਲ ਚਲਦੀ ਆ ਰਹੀ ਸੀ। ਪਹਿਲਾਂ ਮੈਂ ਅਕਸਰ ਹੀ ਚੋਣਾਂ ਦੇ ਦਿਨਾਂ ਵਿਚ ਵਿਦੇਸ਼ ਚਲਾ ਜਾਇਆ ਕਰਦਾ ਸੀ ਅਤੇ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਸਨ ਤਾਂ ਵਾਪਸ ਪੰਜਾਬ ਆ ਜਾਂਦਾ ਸੀ।ਐਤਕੀ ਹਾਲਾਤ ਬਦਲ ਗਏ। ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਮੈਂ ਅਪਣੇ ਲਈ ਬਹੁਤ ਕੁਝ ਕਰ ਲਿਆ ਹੁਣ ਲੋਕਾਂ ਲਈ ਵੀ ਕੁਝ ਕਰਾਂ। ਸੋ ਇਸ ਵਾਰ ਹਾਲਾਤ ਹੀ ਇਹੋ ਜਿਹੇ ਬਣ ਗਏ ਕਿ ਮੈਂ ਸਿਆਸਤ ਵਿਚ ਆਉਣਾ ਠੀਕ ਸਮਝਿਆ।

? ਸਿਆਸਤ ਵਿਚ ਆਉਣ ਬਾਰੇ ਇਸ ਵਾਰ ਤੁਹਾਡੀ ਖੁਦ ਦੀ ਇੱਛਾ ਬਣੀ ਜਾਂ ਕਿਸੇ ਦੇ ਸੱਦੇ ’ਤੇ ਆਏ।

- ਮੈਂ ਸਿਆਸਤ ਵਿਚ ਆਵਾਂ, ਇਸ ਗੱਲ ਲਈ ਮੇਰੇ ਨਾਲ ਕਾਫੀ ਦੇਰ ਤੋਂ ਸੰਪਰਕ ਕੀਤਾ ਜਾ ਰਿਹਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫੋਨ ਵੀ ਮੈਨੂੰ ਆਏ। ਕੁਝ ਸਮਾਂ ਪਹਿਲਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੇਰੇ ਘਰ ਆਏ ਅਤੇ ਮੈਨੂੰ ਉਨਾਂ ਨੇ ਨਿਸ਼ਚਾ ਕਰਵਾ ਦਿੱਤਾ। ਇਸ ਵਾਰ ਉਨ੍ਹਾਂ ਨੇ ਮੈਨੂੰ ਨਾਲ ਤੋਰ ਲਿਆ ਅਤੇ ਮੈਂ ਬਕਾਇਦਾ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਚੋਣ ਲੜਨ ਦਾ ਮਨ ਬਣਾ ਲਿਆ। ... ਮੈਂ ਕੁਝ ਸਮਾਂ ਪਹਿਲਾਂ ਕਾਫੀ ਜ਼ਿਆਦਾ ਬਿਮਾਰ ਹੋ ਗਿਆ ਸੀ, ਪਰ ਮੈਨੂੰ ਰੱਬ ਨੇ ਬਚਾਅ ਲਿਆ। ਮੈਂ ਇਸ ਤੋਂ ਬਾਅਦ ਤੰਦਰੁਸਤ ਹੋ ਜਾਣ ਨੂੰ ਅਪਣਾ ਦੂਸਰਾ ਜਨਮ ਮੰਨਦਾ ਹਾਂ। ਫਿਰ ਮੈਂ ਫੈਸਲਾ ਲੈ ਲਿਆ ਕਿ ਹੁਣ ਜੋ ਕੁਝ ਕਰਾਂਗਾ ਉਹ ਲੋਕਾਂ ਦੀ ਭਲਾਈ ਲਈ ਕਰਾਂਗਾ।

? ਕੀ ਮਜ਼ਬੂਰੀ ਸਮਝਦੇ ਹੋ ਕਿ ਜੋ ਕੰਮ ਹੁਣ ਦੀ ਹੈਸੀਅਤ ਵਿਚ ਨਹੀਂ ਹੋ ਸਕਦੇ ਸਨ, ਉਹ ਇਕ ਰਾਜਨੇਤਾ ਬਣ ਕੇ ਕਰ ਸਕੋਗੇ।

- ਮੇਰੇ ਕੋਲ ਦੋ ਰਾਹ ਸਨ। ਪਹਿਲਾ ਇਹ ਕਿ ਮੈਂ ਗਾਇਕੀ ਖੇਤਰ ਵਿਚ ਕਾਫੀ ਨਾਂ ਕਮਾ ਚੁਕਾ ਹਾਂ। ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖ਼ੁਸ਼ ਹਾਂ। ਰੱਬ ਦੀ ਮਿਹਰ ਨਾਲ ਮੇਰੇ ਘਰ ਵਿਚ ਪੈਸਾ, ਸ਼ੌਹਰਤ ਅਤੇ ਹੋਰ ਸੁੱਖ ਸਹੂਲਤਾਂ ਦੀ ਕੋਈ ਥੁੜ ਨਹੀਂ। ਜਿਸ ਤਰ੍ਹਾਂ ਮੈਨੂੰ ਬੌਲੀਵੁਡ ’ਚੋਂ ਪੇਸ਼ਕਸ਼ਾਂ ਆਉਂਦੀਆਂ ਹਨ, ਮੈਂ ਚਾਹੁੰਦਾ ਤਾਂ ਮੁੰਬਈ ਨੂੰ ਰਿਹਾਇਸ਼ਗਾਹ ਬਣਾ ਲੈਂਦਾ। ਪਰ ਦੂਜਾ ਰਾਹ ਮੈਨੂੰ ਉਨ੍ਹਾਂ ਲੋਕਾਂ ਵਲ ਲਿਜਾ ਰਿਹਾ ਸੀ, ਜਿਨ੍ਹਾਂ ਨੇ ਮੈਨੂੰ ਏਨਾ ਮਾਣ ਸਨਮਾਨ ਦਿੱਤਾ ਹੈ। ਮੈਂ ਹੁਣ ਦੀ ਹੈਸੀਅਤ ਵਿਚ ਇਨ੍ਹਾਂ ਲੋਕਾਂ ਲਈ ਕੋਈ ਵੱਡੀ ਮਦਦ ਨਹੀਂ ਕਰ ਸਕਦਾ। ਪਰ ਮੈਂਬਰ ਪਾਰਲੀਮੈਂਟ ਵਰਗੇ ਅਹੁਦੇ ਨਾਲ ਮੈਂ ਕੁਝ ਅਜਿਹੇ ਕੰਮ ਜ਼ਰੂਰ ਕਰ ਸਕਦਾ ਹਾਂ ਜਿਨ੍ਹਾਂ ਦਾ ਵੱਡੀ ਗਿਣਤੀ ਲੋਕਾਂ ਨੂੰ ਫਾਇਦਾ ਪਹੁੰਚੇਗਾ। ਸਿਆਸੀ ਆਗੂ ਵਜੋਂ ਕੁਝ ਵਧੀਆ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਸਕਦਾ ਹਾਂ, ਮੇਰਾ ਵਿਸ਼ਵਾਸ ਹੈ ਕਿ ਇਹ ਕੁਝ ਇਕ ਸੰਤ ਬਣ ਕੇ ਜਾਂ ਗਾਣੇ ਗਾ ਕੇ ਨਹੀਂ ਸੀ ਕਰ ਸਕਦਾ।

? ਤੁਹਾਨੂੰ ਲਗਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਦਿੱਖ ਵਧੀਆ ਬਣ ਜਾਵੇਗੀ ਜਾਂ ਵਿਰੋਧੀ ਤੁਹਾਨੂੰ ਸਰਾਹੁਣ ਲੱਗਣਗੇ।

- ਮੈਂ ਸਿਆਸਤ ਵਿਚ ਵੀ ਅਪਣੀ ਗੱਲ ਕਰਨੀ ਹੈ। ਮੈਂ ਕਿਸੇ ਦਾ ਨਾ ਵਿਰੋਧੀ ਬਣਨਾ ਅਤੇ ਨਾ ਕਿਸੇ ਨੂੰ ਨਿੰਦਣਾ। ਤੁਸੀਂ ਵੇਖਿਓ! ਲੋਕ ਕਿਹਾ ਕਰਨਗੇ ਕਿ ਭਾਈ ਘਨੱਈਆ ਦਾ ਭਗਤ ਆ ਗਿਆ ਹੈ, ਜਿਸ ਦੇ ਲਈ ਕੋਈ ਦੁਸ਼ਮਣ ਨਹੀਂ। ਜੋ ਕਿਸੇ ਦੀ ਖਿਲਾਫ ਨਹੀਂ ਬੋਲਦਾ, ਸਿਰਫ ਲੋਕਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ।

? ਕੁਝ ਮਹੀਨੇ ਪਹਿਲਾਂ ਤੁਸੀਂ ਇਕ ਸਾਈਂ ਦਰਬਾਰ ਦੇ ਗੱਦੀ ਨਸ਼ੀਨ ਬਣ ਗਏ ਸੀ। ਉਥੋਂ ਕਿਉਂ ਪਾਸਾ ਵੱਟ ਲਿਆ।

- ਸੂਫੀਆਨਾ ਗਾਇਕੀ ਅਤੇ ਕਵਾਲੀਆਂ ਗਾਉਂਦਿਆਂ ਮੈਨੂੰ ਲੱਗਿਆ ਕਿ ਮੈਂ ਸਾਈਂ ਦਰਬਾਰ ਰਾਹੀਂ ਸੰਗੀਤ ਦਾ ਪ੍ਰਚਾਰ ਸੋਹਣੇ ਤਰੀਕੇ ਨਾਲ ਕਰ ਸਕਦਾ ਹਾਂ। ਦਰਬਾਰ ਨੇ ਮੈਨੂੰ ਗੱਦੀ ਨਸ਼ੀਨ ਬਣਾ ਦਿਤਾ। ਪਰ ਉਥੇ ਉਹ ਕੁਝ ਵਾਪਰਿਆ ਜਿਸ ਤੋਂ ਮੈਂ ਸਖਤ ਨਫ਼ਰਤ ਕਰਦਾ ਹਾਂ। ਉਥੇ ਮੈਨੂੰ ਗੁਰੂਡੰਮ ਦਾ ਸਾਹਮਣਾ ਕਰਨਾ ਪਿਆ। ਲੋਕ ਮੈਨੂੰ ਮੱਥਾ ਟੇਕਣ ਲੱਗ ਪਏ। ਸਾਈਂ ਦਰਬਾਰ ਵਾਲਿਆਂ ਨੇ ਚਰਸ, ਸਿਗਰਟਾਂ ਵਰਤੀ ਜਾਣੀਆਂ, ਗਾਲ੍ਹਾਂ ਕੱਢਣੀਆਂ ਤੇ ਆਉਣ ਵਾਲਿਆਂ ਤੋਂ ਮੱਥੇ ਟਕਾਉਣੇ, ਮੈਨੂੰ ਇਹ ਸਭ ਕੁਝ ਚੰਗਾ ਨਾਲ ਲੱਗਿਆ। ਗੱਦੀ ਨਸ਼ੀਨ ਬਣਨ ’ਤੇ ਮੈਂ ਸਭ ਤੋਂ ਪਹਿਲਾਂ ਪੰਜਾਬੀ ਵਿਚ ਲਿਖ ਕੇ ਬੋਰਡ ਲਗਵਾਏ ਕਿ ਇਥੇ ਬੇਕਸੂਰ ਜਾਨਵਰਾਂ ਦੀ ਬਲੀ ਨਹੀਂ ਦਿਤੀ ਜਾਵੇਗੀ। ਇਥੇ ਕੋਈ ਨਸ਼ਾ ਨਾ ਕੀਤੇ ਜਾਵੇ। ਮੱਥਾ ਟਿਕਾਉਣਾ ਕੋਈ ਚੰਗਾ ਕੰਮ ਨਹੀਂ, ਅਸੀਂ ਸਾਰੇ ਇਕ ਬਰਾਬਰ ਹਾਂ। ਮੈਂ ਸਾਈਂ ਦਰਬਾਰ ਜਾਂਦਾ ਹਾਂ ਪਰ ਉਥੋਂ ਦੇ ਰੁਝਾਨ ਕਾਰਨ ਮੈਂ ਥੋੜੀ ਦੂਰੀ ਬਣਾ ਕੇ ਰੱਖੀ ਹੋਈ ਹੈ।

? ਤੁਸੀਂ ਹੁਣ ਇਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹੋ। ਲੋਕ ਤੁਹਾਡੀ ਪਾਰਟੀ ਦੀ ਸਰਕਾਰ ਬਾਰੇ ਤੁਹਾਨੂੰ ਸਿੱਧੇ ਸਵਾਲ ਕਰਨਗੇ। ਵਿਰੋਧੀ ਧਿਰ ਦੇ ਨੇਤਾ ਤੁਹਾਨੂੰ ਅਤੇ ਤੁਹਾਡੀ ਪਾਰਟੀ ’ਤੇ ਉਂਗਲਾਂ ਚੁਕ ਰਹੇ ਨੇ। ਸਿਆਸਤਦਾਨਾਂ ਦੇ ਗਾਲੀ ਗਲੋਚ ਦਾ ਮੁਕਾਬਲਾ ਤੁਸੀਂ ਕਿਸ ਅੰਦਾਜ ਵਿਚ ਕਰੋਗੇ।

-ਸਿਆਸਤ ਵਿਚ ਇਕ ਦੂਜੇ ’ਤੇ ਚਿੱਕੜ ਉਛਾਲਿਆ ਜਾ ਰਿਹਾ ਹੈ। ਪਰ ਮੈਂ ਅਜਿਹਾ ਨਹੀਂ ਕਰਨਾ। ਮੈਂ ਦਿੱਲੀ ਵਿਚ ਹੋਈਆਂ ਚੋਣਾਂ ਦੌਰਾਨ 10 ਦਿਨ ਅਕਾਲੀ ਦਲ ਲਈ ਪ੍ਰਚਾਰ ਕਰਕੇ ਆਇਆ ਹਾਂ। ਮੈਂ ਕਿਸੇ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ। ਮੈਂ ਹਰ ਥਾਂ ’ਤੇ ਸੂਫੀਆਨਾ ਤਰੀਕੇ ਨਾਲ ਭਾਸ਼ਣ ਦਿੰਦਾ ਸੀ। ਮੈਨੂੰ ਕਿਸੇ ਨੇ ਵੀ ਇਕ ਰਾਜਨੇਤਾ ਵਾਂਗ ਭਾਸ਼ਣ ਦੇਣ ਨੂੰ ਨਹੀਂ ਕਿਹਾ। ਮੈਂ ਉਸੇ ਅੰਦਾਜ਼ ਵਿਚ ਬੋਲਿਆ ਜਿਵੇਂ ਮੈਂ ਗਾਉਂਦਾ ਹਾਂ ਜਾਂ ਆਮ ਬੋਲਦਾ ਹਾਂ। ਮੈਂ ਝੂਠ ਦਾ ਕਦੇ ਸਹਾਰਾ ਨਹੀਂ ਲਿਆ। ਮੇਰਾ ਮੰਨਣਾ ਹੈ ਕਿ ਸੱਚ ਬੋਲੋ, ਆਖਰ ਇਹੀ ਸਾਹਮਣੇ ਆਉਂਦਾ ਹੈ। ਵੇਖੋ, ਗੱਲ ਸਾਫ ਹੈ। ਮੈਨੂੰ ਕਿਸੇ ’ਤੇ ਚਿੱਕੜ ਉਛਾਲਣ ਦੀ ਥਾਂ ਅਪਣੇ ਬਾਰੇ ਦਸਣਾ ਚਾਹੀਦਾ ਹੈ। ਜੇ ਲੋਕਾਂ ਦਾ ਭਲਾ ਕਰਨਾ ਹੈ ਤਾਂ ਮੁਹੱਬਤ ਦੇਣ ਲਈ ਭਾਈ ਘਨੱਈਆ ਦਾ ਪੈਗਾਮ ਲੋਕਾਂ ਨੂੰ ਦੇਣ ਵਾਲਾ ਉਮੀਦਵਾਰ ਹੋਣਾ ਚਾਹੀਦਾ ਹੈ। ਮੈਂ ਇਸੇ ਰਾਹ ਨੂੰ ਅਪਣਾਇਆ ਹੈ। ਮੇਰਾ ਜੋ ਵਿਰੋਧ ਕਰੇਗਾ, ਉਹ ਸਿਰਫ ਚੋਣਾਂ ਤਕ ਕਰੇਗਾ। ਪਰ ਬਾਅਦ ਵਿਚ ਮੈਂ ਲੋਕਾਂ ਨੂੰ ਕੰਮ ਕਰਕੇ ਵਿਖਾਵਾਂਗਾ। ਜਿਹੜੇ ਮੈਨੂੰ ਵੋਟਾਂ ਪਾਉਣਗੇ ਉਹ ਕਹਿਣਗੇ ਕਿ ਵਾਹ! ਇਸ ਨੇ ਕੁਝ ਕਰਕੇ ਵਿਖਾਇਆ ਹੈ ਅਤੇ ਜਿਨ੍ਹਾਂ ਨੇ ਮੈਨੂੰ ਵੋਟਾਂ ਨਾ ਪਾਈਆਂ, ਮੈਂ ਉਨ੍ਹਾਂ ਕੋਲ ਵੀ ਜਾਵਾਂਗਾ। ਫਿਰ ਮੈਨੂੰ ਕੋਈ ਨਫਰਤ ਨਹੀਂ ਕਰੇਗਾ।

? ਜਲੰਧਰ ਸੀਟ ’ਤੇ ਤੁਹਾਡੇ ਖਿਲਾਫ ਹਾਲੇ ਕੋਈ ਉਮੀਦਵਾਰ ਨਹੀਂ, ਪਰ ਵਿਰੋਧੀਆਂ ਨੇ ਪਹਿਲਾਂ ਹੀ ਤੁਹਾਨੂੰ ਲੰਮੇਂ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ।

-ਸਭ ਨੂੰ ਕਹਿਣ ਦਾ ਹੱਕ ਹੈ। ਪਰ ਮੇਰੇ ਖਿਲਾਫ ਜੋ ਵੀ ਕੋਈ ਮੈਦਾਨ ਵਿਚ ਆਵੇਗਾ, ਮੈਂ ਬਕਾਇਦਾ ਉਸਦਾ ਸਵਾਗਤ ਕਰਾਂਗਾ। ਉਹ ਮੇਰੇ ਖਿਲਾਫ ਚਾਹੇ ਕੁਝ ਵੀ ਬੋਲੇ, ਮੈਂ ਉਸਦੇ ਖਿਲਾਫ ਕੁਝ ਨਹੀਂ ਬੋਲਣਾ। ਮੈਂ ਸਾਰੇ ਮਾਮਲੇ ’ਤੇ ਪਹਿਲਾਂ ਹੀ ਵਿਉਂਤ ਬਣਾ ਕੇ ਖੂਬਸੂਰਤੀ ਨਾਲ ਬੋਲਿਆ ਕਰਨਾ। ਲੋਕ ਯਾਦ ਰੱਖਣਗੇ, ਕਿ ਚੋਣ ਮੁਹਿੰਮ ਹੋਵੇ ਤਾਂ ਇਹੋ ਜਿਹੀ।

? ਹੰਸ ਰਾਜ ਹੰਸ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਕਰਦਾ ਹੈ। ਜੇ ਮਾੜੀ ਕਿਸਮਤ ਨਾਲ ਤੁਸੀਂ ਚੋਣ ਹਾਰ ਗਏ ਤਾਂ ਕੀ ਫੇਰ ਸਿਆਸਤ ਤੋਂ ਵੀ ਕਿਨਾਰਾ ਕਰ ਲਵੋਗੇ।

- ਜ਼ਿੰਦਗੀ ’ਚ ਤਬਦੀਲੀ ਹਾਲਾਤ ਅਤੇ ਸਮੇਂ ਨਾਲ ਆਉਂਦੀ ਹੈ। ਇਹ ਕਿਸੇ ਦੇ ਸੁਭਾਅ ’ਚ ਥੋੜਾ ਹੁੰਦਾ ਹੈ ਕਿ ਉਸ ਨੇ ਅੱਗੇ ਜਾ ਕੇ ਕੀ ਬਣਨਾ ਹੈ। ਜੇ ਮੈਂ ਅਪਣੇ ਪੇਸ਼ੇ ਵੱਲ ਵੇਖਦਾ ਹਾਂ ਤਾਂ ਮੈਨੂੰ ਅੱਜ ਮੁੰਬਈ ’ਚ ਹੋਣਾ ਚਾਹੀਦਾ ਸੀ। ਪਰ ਅਜਿਹਾ ਨਹੀਂ ਹੋਇਆ। ਮੈਂ ਜਿੰਨੀ ਸਮਰੱਥਾ ਦਾ ਹਾਂ ਅਪਣੇ ਪਿੰਡ ਸਫੀਪੁਰ ’ਚ ਕੰਮ ਕਰਵਾ ਰਿਹਾ ਹਾਂ। ਮੈਂ ਕਈ ਥਾਈਂ ਨਲਕੇ ਲਗਵਾਏ, ਗਲੀਆਂ ਸੜਕਾਂ ਲਈ ਵੀ ਮਦਦ ਕੀਤੀ ਹੈ। ਮੈਨੂੰ ਮੇਰੀ ਧਰਤੀ ਨਾਲ ਮੋਹ ਹੈ। ਮੇਰੇ ਉਹੀ ਪੁਰਾਣੇ ਦੋਸਤ ਅੱਜ ਨੇ ਜਿਹੜੇ ਉਦੋਂ ਸੀ ਜਦੋਂ ਮੈਨੂੰ ਕੋਈ ਨਹੀਂ ਸੀ ਜਾਣਦਾ। ਮਤਲਬ ਕਿ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਸਟਾਰ ਬਣ ਗਿਆ ਹਾਂ। ਸੋ ਨਤੀਜੇ ਨਾਲ ਕੋਈ ਮਤਲਬ ਹੀ ਨਹੀਂ ਹੈ। ਮੈਂ ਅਪਣੀ ਇਸੇ ਤੋਰ ਤੁਰਦਾ ਰਹਾਂਗਾ। ਮੈਂ ਪਹਿਲਾਂ ਹੀ ਕਿਹਾ ਹੈ ਕਿ ਮੈਂ ਹਰ ਇਕ ਲਈ ਕੰਮ ਕਰਨੇ ਹਨ ਤੇ ਕਰਦਾ ਰਹਾਂਗਾ।

? ਤੁਸੀਂ ਇਕ ਪਾਰਟੀ ਨਾਲ ਸਬੰਧ ਰੱਖਦੇ ਹੋ, ਹੋ ਸਕਦਾ ਹੈ ਕਿ ਤੁਹਾਡੇ ਸਿਆਸੀ ਵਿਰੋਧੀ ਹੁਣ ਤੁਹਾਡੇ ਕਲਾਕਾਰ ਰੂਪ ਨੂੰ ਵੀ ਪਸੰਦ ਨਾ ਕਰਨ। ਮਤਲਬ ਕਿ ਤੁਹਾਡੇ ਗਾਇਕੀ ਪੇਸ਼ੇ ਨੂੰ ਵੀ ਨੁਕਸਾਨ ਹੋ ਸਕਦਾ ਹੈ।

- ਨਹੀਂ, ਅਜਿਹਾ ਕੁਝ ਨਹੀਂ ਹੋਣਾ। ਮੇਰਾ ਸਿਆਸਤ ਵਿਚ ਆਉਣਾ ਅਲੱਗ ਗੱਲ ਹੈ ਅਤੇ ਇਕ ਗਾਇਕ ਵਜੋਂ ਮੇਰੇ ਸਰੋਤਿਆਂ ਦੀ ਅਲੱਗ ਸ਼੍ਰੇਣੀ ਹੈ। ਸਿਆਸਤ ਵਿਚ ਆਉਣ ਨਾਲ ਮੇਰੇ ਗਾਇਕੀ ਪੇਸ਼ੇ ਨੂੰ ਕੋਈ ਨੁਕਸਾਨ ਨਹੀਂ ਹੋਣਾ। ? ਸ਼੍ਰੋਮਣੀ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਆਮ ਪ੍ਰੋਗਰਾਮਾਂ ਵਿਚ ਗਾਉਣ ਤੋਂ ਕੋਈ ਰੋਕ ਵੀ ਲਾਈ ਹੈ।- ਨਹੀਂ। ਉਨ੍ਹਾਂ ਨੇ ਮੈਨੂੰ ਸਾਫ ਕਿਹਾ ਹੈ ਕਿ ਤੁਹਾਡੇ ’ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਨੇ ਮੈਨੂੰ ਕਿਤੇ ਵੀ ਗਾਉਣ ਦੀ ਖੁਲ੍ਹ ਦਿਤੀ ਹੈ ਅਤੇ ਕਿਹਾ ਹੈ ਕਿ ਤੁਸੀਂ ਸੂਫੀ ਤੇ ਸੋਹਣੇ ਗੀਤ ਗਾ ਸਕਦੇ ਹੋ।

? ਇਸ ਦਾ ਮਤਲਬ ਕਿ ਕੁਝ ਮਾੜੇ ਗੀਤ ਗਾਉਣ ਤੋਂ ਰੋਕਿਆ ਹੈ।

- ਮੈਂ ਹਲਕਾਪਣ ਨਹੀਂ ਵਿਖਾਇਆ। ਜੇ ਮੈਂ ਸ਼ਰਮਨਾਕ ਗਾਣਾ ਗਾਇਆ ਹੁੰਦਾ ਤਾਂ ਇਹ ਮੇਰੀ ਗਲਤੀ ਸੀ, ਪਰ ਮੈਂ ਕੋਈ ਗਲਤੀ ਨਹੀਂ ਕੀਤੀ। ਮੈਂ ਬਾ-ਅਦਬ ਤਰੀਕੇ ਨਾਲ ਗੁਰਦੁਆਰਿਆਂ ’ਚ ਕੀਰਤਨ ਕੀਤੇ, ਮੰਦਰਾਂ ’ਚ ਭਜਨ ਗਾਏ, ਸੂਫੀਇਜ਼ਮ ਲਈ ਦਰਗਾਹਾਂ ’ਚ ਵੀ ਗਿਆ। ਮੈਂ ਵਾਹਗਾ ਬਾਰਡਰ ’ਤੇ ਉਦੋਂ ਗਾਉਂਦਾ ਰਿਹਾ ਜਦੋਂ ਲੋਕ ਸਰਹੱਦ ’ਤੇ ਜਾਣ ਤੋਂ ਡਰਦੇ ਸਨ। ਅਸੀਂ ਜਾਨ ਖਤਰੇ ਵਿਚ ਪਾ ਕੇ ਉਥੇ ਦੋਸਤੀ ਦੇ ਗਾਣੇ ਗਾਏ। ਹੁਣ ਲੋਕ ਵੀ ਹਜ਼ਾਰਾਂ ਦੀ ਤਦਾਦ ਵਿਚ ਉਥੇ ਪਹੁੰਚਣ ਲੱਗੇ ਹਨ। ਅਸਲ ਵਿਚ ਮੈਂ ਮਿਸ਼ਨਰੀ ਬਣ ਕੇ ਕੰਮ ਕਰ ਰਿਹਾ ਹਾਂ। ਮੈਂ ਜੋ ਕੁਝ ਕਰ ਰਿਹਾ ਹਾਂ ਉਹ ਸਭ ਦੇ ਸਾਹਮਣੇ ਹੈ।

? ਕੁਝ ਲੋਕ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀਆਂ ਵਿਚ ਇਕੱਠ ਕਰਨ ਲਈ ਮੁਫ਼ਤ ਵਿਚ ਇਕ ਗਾਉਣ ਵਾਲਾ ਮਿਲ ਗਿਆ ਹੈ।

- ਮੁਫ਼ਤ ਵਿਚ ਗਾਉਣ ਵਾਲੀ ਗੱਲ ਨੂੰ ਖਾਹਮ-ਖਾਹ ਮੇਰੇ ਨਾਲ ਜੋੜਿਆ ਜਾ ਰਿਹਾ ਹੈ। ਮੈਂ ਬਹੁਤ ਸਾਰੀਆਂ ਥਾਵਾਂ ’ਤੇ ਬਿਨਾ ਕੁਝ ਲਏ ਗਾਇਆ ਹੈ। ਵਾਹਗਾ ਬਾਰਡਰ ’ਤੇ ਵੀ ਮੈਂ ਇਸੇ ਤਰ੍ਹਾਂ ਗਾਉਂਦਾ ਹਾਂ। ਮੈਂ ਹਰ ਥਾਂ ’ਤੇ ਪੇਸ਼ੇ ਦੇ ਤੌਰ ’ਤੇ ਨਹੀਂ ਗਾਇਆ।

? ਮੀਡੀਆ ’ਚ ਕੁਝ ਖਬਰਾਂ ਆਈਆਂ ਹਨ ਕਿ ਤੁਸੀਂ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਕਿ ਪਾਕ ਪਵਿੱਤਰ ਸੂਫੀਆਨਾ ਅੰਦਾਜ਼ ਛੱਡ ਕੇ ਤੁਸੀਂ ਸਿਆਸਤ ਵਿਚ ਨਹੀਂ ਆ ਸਕਦੇ, ਸਿਆਸਤ ਭ੍ਰਿਸ਼ਟ ਹੈ... ਵਗੈਰਾ.. ਵਗੈਰਾ।

- ਮੈਂ ਇਹੋ ਜਿਹੀ ਗੱਲ ਕਦੇ ਵੀ ਨਹੀਂ ਕਹੀ। ਮੈਂ ਕਦੇ ਕਿਸੇ ਨੂੰ ਅਜਿਹੀ ਟਿੱਪਣੀ ਹੀ ਨਹੀਂ ਕੀਤੀ।

? ਤੁਸੀਂ ਸਿਆਸਤ ਵਿਚ ਹੋ ਤਾਂ ਤੁਹਾਡਾ ਸਿਆਸੀ ਏਜੰਡਾ ਕੀ ਹੈ।

- ਪੰਜਾਬੀ ਮਿਊਜ਼ਿਕ ਇੰਡਸਟਰੀ ਸਮੇਤ ਬਹੁਤ ਸਾਰੇ ਕਾਰੋਬਾਰ ਪਾਏਰੇਸੀ ਨੇ ਡੋਬ ਦਿਤੇ ਹਨ। ਸਨਅਤ ਨੂੰ ਬਚਾਉਣ ਲਈ ਸੰਗੀਤ ਕੰਪਨੀਆਂ ਅਤੇ ਕਲਾਕਾਰਾਂ ਨੇ ਕਈ ਥਾਈਂ ਧਰਨੇ ਲਾਏ, ਮੁਜਾਹਰੇ ਕੀਤੇ ਪਰ ਕੋਈ ਉਨ੍ਹਾਂ ਦਾ ਮੰਗ ਪੱਤਰ ਲੈਣ ਤਕ ਨਹੀਂ ਸੀ ਆਇਆ। ਜੇ ਅਜਿਹੇ ਕਲਾਕਾਰਾਂ ਵਿਚੋਂ ਕੋਈ ਸਿਆਸੀ ਮੰਚ ’ਤੇ ਵੀ ਦਿਖਦਾ ਹੁੰਦਾ ਤਾਂ ਕਲਾਕਾਰਾਂ ਦਾ ਇੰਨਾ ਤ੍ਰਿਸਕਾਰ ਨਾ ਹੁੰਦਾ। ਹਲਕੇ ਦੇ ਨੁਮਾਇੰਦੇ ਵਜੋਂ ਚੁਣੇ ਜਾਣ ’ਤੇ ਮੈਂ ਇਹ ਮੁੱਦਾ ਪਾਰਲੀਮੈਂਟ ਵਿਚ ਚੁੱਕਾਂਗਾ। ਨੌਜਵਾਨਾਂ ਅੱਗੇ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਰੁਜ਼ਗਾਰ ਦੇ ਹੋਰ ਸਾਧਨ ਪੈਦਾ ਕਰਨ, ਇੰਡਸਟਰੀ ਲਿਆਉਣ, ਚੰਗੇ ਵਿਦਿਅਕ ਅਦਾਰੇ ਖੋਲ੍ਹਣ ਵਰਗੇ ਮਸਲੇ ਮੇਰੇ ਏਜੰਡੇ ’ਤੇ ਹਨ। ਪੰਜਾਬ ਦੇ ਲਟਕਦੇ ਮਸਲਿਆਂ ਨੂੰ ਵੀ ਮੈਂ ਡਟ ਕੇ ਉਠਾਵਾਂਗਾ। ਤੁਸੀਂ ਸੋਚੋ ਕਿ ਜੇ ਕਿਸਾਨਾਂ ਦੀ ਮਾੜੀ ਹਾਲਤ ਉਨ੍ਹਾਂ ਦੀਆਂ ਆਤਮ ਹੱਤਿਆਵਾਂ ਤੋਂ ਜਾਹਰ ਹੁੰਦੀ ਹੈ, ਮਜ਼ਦੂਰਾਂ ਦੀ ਕੀ ਦਸ਼ਾ ਹੋਵੇਗੀ। ਪਿੰਡਾਂ ਵਿਚ ਮੈਂ ਜਾ ਕੇ ਜਦੋਂ ਵੇਖਦਾ ਹਾਂ ਤਾਂ ਉਥੇ ਬੁਰਾ ਹਾਲ ਵਿਖਾਈ ਦਿੰਦਾ ਹੈ। ਪੰਜਾਬ ਦੇ ਸੁਧਾਰ ਲਈ ਮੈਂ ਅਪਣੀ ਅਵਾਜ਼ ਬੁਲੰਦ ਕਰਾਂਗਾ।

? ਅਕਾਲੀ ਦਲ ਦੇ ਜਿਹੜੇ ਟਕਸਾਲੀ ਮੁੱਦੇ ਨੇ ਉਨਾਂ ਬਾਰੇ ਤੁਹਾਡਾ ਕੀ ਸੋਚਣਾ।

-ਪਾਰਟੀ ਦੀ ਰਣਨੀਤੀ ਮੁਤਾਬਕ ਹੀ ਮੇਰਾ ਟਕਸਾਲੀ ਮੁੱਦਿਆਂ ’ਤੇ ਸਟੈਂਡ ਹੋਵੇਗਾ। ਪੰਜਾਬੀਆਂ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਸਾਰੇ ਮੁੱਦੇ ਪਾਰਲੀਮੈਂਟ ਵਿਚ ਬਹੁਤ ਵਧੀਆ ਤਰੀਕੇ ਨਾਲ ਚੁਕਿਆ ਕਰਾਂਗਾ।

? ਇਕ ਸਿਆਸੀ ਨੇਤਾ ਵਜੋਂ ਤੁਹਾਨੂੰ ਕੀ ਵੱਖਰਾਪਣ ਮਹਿਸੂਸ ਹੋ ਰਿਹਾ ਹੈ।

- ਮੈਨੂੰ ਖ਼ੁਸ਼ੀ ਇਸ ਗੱਲ ਦੀ ਹੈ ਕਿ ਲੋਕਾਂ ਨੇ ਮੈਨੂੰ ਕਿਸੇ ਜਾਤ ਜਾਂ ਮਜਹਬ ਨਾਲ ਨਹੀਂ ਜੋੜਿਆ। ਬਮੇਰਾ ਕੋਈ ਘਰ ਨਹੀਂ, ਮੈਂ ਮਹਿਮਾਨ ਹਾਂ। ਮੇਰੀ ਕੋਈ ਜਾਤ ਨਹੀਂ, ਮੈਂ ਇਨਸਾਨ ਹਾਂ।’ ਮੈਂ ਜਦੋਂ ਦਾ ਜੰਮਿਆ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਮੈਂ ਜਿੰਨੇ ਜੋਗਾ ਸੀ ਉਸੇ ਸਮਰੱਥਾ ’ਚ ਹੀ ਕੰਮ ਕਰਦਾ ਰਿਹਾ ਹਾਂ। ਪਰ ਹੁਣ ਇਕ ਸਿਆਸੀ ਆਗੂ ਵਜੋਂ ਮੈਥੋਂ ਹੋਰ ਉਮੀਦਾਂ ਲਾਈਆਂ ਜਾ ਰਹੀਆਂ ਹਨ।

-ਗੌਤਮ ਰਿਸ਼ੀ

ਕਈ ਰੰਗ ਬਦਲੇ ਹੰਸ ਰਾਜ ਹੰਸ ਨੇ

ਭਾਰਤ ਸਰਕਾਰ ਵੱਲੋਂ ਪ੍ਰਤਿਸ਼ਠਤ ਸਿਵਲੀਅਨ ਪੁਰਸਕਾਰ ਪਦਮਸ਼੍ਰੀ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਗਾਇਕ ਜਿਹੇ ਪੁਰਸਕਾਰਾਂ ਨਾਲ ਨਿਵਾਜ਼ੇ ਹੰਸ ਰਾਜ ਹੰਸ ਨੇ ਆਪਣੀ ਗਾਇਕੀ ਦਾ ਸਫ਼ਰ ਬਚਪਨ ਤੋਂ ਹੀ ਸ਼ੁਰੂ ਕੀਤਾ, ਜਦ ਉਹ ਆਪਣੇ ਜੱਦੀ ਪਿੰਡ ਸਫ਼ੀਪੁਰ ਰਹਿੰਦਿਆਂ ਸੂਫ਼ੀ ਗਾਇਕ ਪੂਰਨ ਸ਼ਾਹਕੋਟੀ ਦੇ ਚਰਨੀਂ ਜਾ ਲੱਗਾ। ਸਕੂਲ ਅਤੇ ਫਿਰ ਜਲੰਧਰ ਕਾਲਜ ਵਿਚ ਪੜ੍ਹਦਿਆਂ ਹੰਸ ਨੇ ਵਿਦਿਅਕ ਮੁਕਾਬਲਿਆਂ ਵਿਚ ਗਾਇਕੀ ਦੇ ਢੇਰ ਸਾਰੇ ਇਨਾਮ ਹਾਸਲ ਕੀਤੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿਚ ਲਗਾਤਾਰ ਤਿੰਨ ਵਾਰੀ ਪੰਜਾਬੀ ਲੋਕ ਗਾਇਕੀ ਦੇ ਮੁਕਾਬਲਿਆਂ ਵਿਚ ਸੋਨੇ ਦਾ ਤਮਗਾ ਜਿੱਤਦਾ ਰਿਹਾ। ਹੰਸ ਨੇ ‘ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ’ ਨਾਂ ਦੇ ਤਵੇ ਨਾਲ ਪੰਜਾਬੀ ਪੇਸ਼ੇਵਰਾਨਾ ਗਾਇਕੀ ਵਿਚ ਪ੍ਰਵੇਸ਼ ਕੀਤਾ। ਕਾਲੇ ਤਵਿਆਂ ਤੋਂ ਬਾਅਦ ਰੀਲਾਂ ਦਾ ਯੁੱਗ ਆਇਆ ਅਤੇ ਹੰਸ ਦੀ ਕੈਸਿਟ, ਬੱਲੇ ਨੀਂ ਰਾਹੇ ਰਾਹੇ, ਬੜੀ ਮਕਬੂਲ ਹੋਈ।ਉਦੋਂ ਦੋਗਾਣਾ ਗਾਇਕੀ ਦੀ ਚੜ੍ਹਤ ਸੀ। ਗੁਰਦਾਸ ਮਾਨ, ਹਾਕਮ ਸੂਫੀ ਅਤੇ ਹੰਸ ਰਾਜ ਹੰਸ ਸੋਲੋ ਗਾਇਕੀ ਵਿਚ ਪਰ ਤੋਲ ਰਹੇ ਸਨ। ਹੰਸ ਦੀ ਇਹ ਕੈਸਿਟ ਦੋਗਾਣਾ ਗਾਇਕੀ ਦੇ ਬਰਾਬਰ ਮੋਟਰਾਂ-ਬੰਬੀਆਂ ’ਤੇ ਸੁਣੀ ਜਾਣ ਲੱਗੀ ਅਤੇ ਹੰਸ ਸਭਿਆਚਾਰਕ ਪ੍ਰੋਗਰਾਮਾਂ, ਲੋਕ ਅਖਾੜਿਆਂ ਦੀ ਜਿੰਦ ਜਾਨ ਬਣ ਗਿਆ। ਇਸ ਤੋਂ ਬਾਅਦ ‘ਤੇਰਾ ਮੇਰਾ ਪਿਆਰ, ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਆਰ ਟੁੱਟਦੀ ਨਾ ਪਾਰ ਟੁੱਟਦੀ, ਵਰਗੀਆਂ ਐਲਬਮਾਂ ਉਪਰੋਥਲੀ ਆਈਆਂ ਤੇ ਜਲੰਧਰ ਦੂਰਦਰਸ਼ਨ ਨੇ ਉਨ੍ਹਾਂ ਦੇ ਗੀਤਾਂ ਨੂੰ ਨ੍ਰਿਤ ਅਤੇ ਸਟੋਰੀ ਲਾਈਨ ਨਾਲ ਫਿਲਮਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀਡੀਓ ਐਲਬਮਾਂ ਦਾ ਯੁੱਗ ਸ਼ੁਰੂ ਹੋ ਗਿਆ ਅਤੇ ਫਿਰ ਹੰਸ ਨੇ ਲਾਲ ਗਰਾਰਾ, ਝਾਂਜਰ, ਚੋਰਨੀ, ਝਾਂਜਰੀਆ, ਸਭ ਤੋਂ ਸੋਹਣੀ, ਵਣਜਾਰਾ ਤੇ ਯਾਰਾ ਓ ਯਾਰਾ ਵਰਗੀਆਂ ਵੀਡੀਓ ਐਲਬਮਾਂ ਪੰਜਾਬੀ ਗਾਇਕੀ ਨੂੰ ਦਿੱਤੀਆਂ। ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਅਤੇ ਗਜ਼ਲਾਂ ਦੀ ਇਕ ਐਲਬਮ ਗਮਾਂ ਦੀ ਰਾਤ ਅਤੇ ਸੂਫ਼ੀ ਕਲਾਮ ਸੱਜਣਾਂ, ਕੂਕ ਪਪੀਹੇ ਵਾਲੀ ਅਤੇ ਤੇਰਾ ਇਸ਼ਕ ਵੀ ਮਾਰਕੀਟ ਵਿਚ ਜਾਰੀ ਕੀਤੇ।ਹੰਸ ਰਾਜ ਨੇ ਬੌਲੀਵੁੱਡ ਫਿਲਮ ਕੱਚੇ ਧਾਗੇ ਵਿਚ ਨੁਸਰਤ ਫਤਹਿ ਅਲੀ ਖਾਨ ਜਿਹੇ ਉਸਤਾਦ ਗਾਇਕਾਂ ਨਾਲ ਵੀ ਗਾਇਆ ਅਤੇ ਹੋਰ ਕਈ ਪੰਜਾਬੀ ਹਿੰਦੀ ਫਿਲਮਾਂ ਵਿਚ ਪਿੱਠਵਰਤੀ ਗਾਇਕ ਵਜੋਂ ਸ਼ਿਰਕਤ ਕੀਤੀ। ਕਿਸੇ ਸਮੇਂ ਉਸ ਦੀ ਧਾਰਮਿਕ ਐਲਬਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਹੁਤ ਮਕਬੂਲ ਹੋਈ ਸੀ। ਉਸ ਨੇ ਹੋਰ ਵੀ ਧਾਰਮਿਕ ਕੈਸਿਟਾਂ ਜਾਰੀ ਕੀਤੀਆਂ। ਲੋਕ ਗੀਤ, ਪੌਪ ਸੰਗੀਤ ਅਤੇ ਰੁਮਾਂਟਿਕ ਗਾਣਿਆਂ ਤੋਂ ਬਾਅਦ ਹੰਸ ਸੂਫ਼ੀ ਕਲਾਮ ਵੱਲ ਖਿੱਚਿਆ ਗਿਆ। .. ਤੇ ਹੁਣ ਸੂਫ਼ੀਆਨਾ ਰੰਗ ਤੋਂ ਸਿਆਸਤ ਵੱਲ ਪ੍ਰੇਰਿਤ ਹੋ ਗਿਆ। ਉਸ ਦੀ ਗਾਇਕੀ ਫਿਲਹਾਲ ਚੁੱਪ ਹੈ। ਸ਼ਾਇਰਾਨਾ ਅੰਦਾਜ਼ ਵਿਚ ਸਿਆਸੀ ਭਾਸ਼ਣ ਬਾਦਸਤੂਰ ਜਾਰੀ ਹੈ।

No comments:

Post a Comment

My lovely readers , this is a INTERNATIONAL laungage like news paper.

Its for published all community in the world, not for any one !

Please wrote to our thouths my email address is given below;

Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris