ਮਹਾਂਮਾਰੀ ਦਾ ਰੂਪ ਧਾਰ ਚੁੱਕਾ ਹੈ ਸਵਾਈਨ ਫਲੂ
Written by Administrator
Thursday, 18 June 2009
ਦੇਖਦਿਆਂ ਹੀ ਦੇਖਦਿਆਂ ਦੱਖਣੀ ਅਮਰੀਕੀ ਮੁਲਕ ਮੈਕਸੀਕੋ ਵਿਚ ਫੈਲਿਆ ਸਵਾਈਨ ਫਲੂ ਕਿਸ ਤਰ੍ਹਾਂ ਸਾਰੀ ਦੁਨੀਆ ਵਿਚ ਫੈਲ ਗਿਆ ਅਤੇ ਇਕ ਮਹਾਮਾਰੀ ਦਾ ਰੂਪ ਧਾਰ ਗਿਆ, ਇਹ ਵਾਕਿਆ ਹੀ ਹੈਰਾਨੀ ਵਾਲੀ ਗੱਲ ਹੈ। ਦਰਅਸਲ ਅੱਜ ਦੇ ਸਮੇਂ ਵਿਚ ਪ੍ਰਵਾਸ ਦੀ ਪ੍ਰਕਿਰਿਆ ਇੰਨੀ ਜ਼ਿਆਦਾ ਤੇਜ ਹੈ ਕਿ ਹੁਣ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਫੈਲੀ ਛੂਤ ਦੀ ਬਿਮਾਰੀ ਨੂੰ ਫੈਲਦਿਆਂ ਜ਼ਿਆਦਾ ਸਮਾਂ ਨਹੀਂ ਲੱਗਦਾ। ਹਰ ਰੋਜ਼ ਹਰੇਕ ਮੁਲਕ ਤੋਂ ਲੱਖਾਂ ਲੋਕੀ ਇੱਧਰ-ਉਧਰ ਜਾਂਦੇ ਹਨ, ਜਿਹੜੇ ਆਪਣੇ ਨਾਲ ਅਜਿਹੀਆਂ ਬਿਮਾਰੀਆਂ ਲਿਆਉਂਦੇ ਹਨ। ਮੈਕਸੀਕੋ ਵਿਚ ਜਦੋਂ ਇਹ ਬਿਮਾਰੀ ਫੈਲੀ ਸੀ ਤਾਂ ਉਸ ਵਕਤ ਕੈਨੇਡਾ ਇਸ ਤੋਂ ਬਚਿਆ ਮਹਿਸੂਸ ਕਰ ਰਿਹਾ ਸੀ ਪਰ ਮੈਕਸੀਕੋ ਵਿਚ ਬਿਮਾਰੀ ਫੈਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਦੇ ਤੀਜੇ ਦਿਨ ਹੀ ਕੈਨੇਡਾ ਵਿਚ ਸਵਾਈਨ ਫਲੂ ਦੇ ਕਈ ਵਿਅਕਤੀ ਪੀੜਤ ਪਾਏ ਗਏ ਸਨ। ਦਰਅਸਲ ਮੈਕਸੀਕੋ ਵਿਚ ਇਹ ਬਿਮਾਰੀ ਪਿਛਲੇ ਕਾਫੀ ਸਮੇਂ ਤੋਂ ਫੈਲੀ ਹੋਈ ਸੀ। ਹਿੰਸਾ ਵਿਚ ਘਿਰੇ ਇਸ ਮੁਲਕ ਦੀ ਸਿਹਤ ਸਮੱਸਿਆ ਵੱਲ ਕਿਸੇ ਨੇ ਧਿਆਨ ਨਾ ਦਿੱਤਾ, ਬਲਕਿ ਮੀਡੀਆ ਵਿਚ ਮੈਕਸੀਕੋ ਲਗਾਤਾਰ ਹਿੰਸਾ ਤੋਂ ਪੀੜਤ ਮੁਲਕ ਵਜੋਂ ਹੀ ਪ੍ਰਚਾਰਿਆ ਜਾਂਦਾ ਰਿਹਾ। ਜਿਉਂ ਹੀ ਇਸ ਬਿਮਾਰੀ ਦੇ ਮੈਕਸੀਕੋ ਵਿਚ ਸੈਂਕੜੇ ਮਾਮਲੇ ਇਕੱਠੇ ਪਾਏ ਗਏ, ਸਾਰੀ ਦੁਨੀਆ ਵਿਚ ਰੌਲਾ ਪੈ ਗਿਆ ਪਰ ਇਸ ਤੋਂ ਪਹਿਲਾਂ ਹੀ ਇਹ ਬਿਮਾਰੀ ਇਸ ਮੁਲਕ ਦੀਆਂ ਸਰਹੱਦਾਂ ਟੱਪ ਕੇ ਅਮਰੀਕਾ ਅਤੇ ਕੈਨੇਡਾ ਵਿਚ ਆ ਵੜੀ ਸੀ। ਇੱਥੋਂ ਇਹ ਬਿਮਾਰੀ ਨਿਊਜ਼ੀਲੈਂਡ, ਆਸਟ੍ਰੇਲੀਆ ਹੁੰਦੀ ਹੋਈ ਇਸ ਸਮੇਂ ਸਾਰੀ ਦੁਨੀਆ ਵਿਚ ਫੈਲ ਚੁੱਕੀ ਹੈ। ਦੁਨੀਆ ਦੇ ਜ਼ਿਆਦਾਤਰ ਉਹੀ ਮੁਲਕ ਇਸ ਤੋਂ ਪੀੜਤ ਹਨ, ਜਿੱਥੇ ਆਵਾਜਾਈ ਦਾ ਪ੍ਰਵਾਹ ਜ਼ਿਆਦਾ ਹੈ ਅਤੇ ਆਰਥਿਕ ਪੱਖੋਂ ਮਜ਼ਬੂਤ ਹਨ ਜਾਂ ਮਜ਼ਬੂਤੀ ਨਾਲ ਅੱਗੇ ਵੱਧ ਰਹੇ ਹਨ। ਹੁਣ ਤੱਕ ਸਵਾਈਨ ਫਲੂ ਦੇ ਕਾਰਨ ਛੇ ਮੁਲਕਾਂ (ਮੈਕਸੀਕੋ, ਅਮਰੀਕਾ, ਕੈਨੇਡਾ, ਚਿਲੀ, ਡੋਮੀਨਿਕਨ ਰਿਪਬਲਿਕ ਅਤੇ ਕੋਸਟਾ ਰਿਕਾ) ਵਿਚ 141 ਲੋਕੀ ਆਪਣੀ ਜਾਨ ਗਵਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕਾਫੀ ਨਿਗਰਾਨੀ ਤੋਂ ਬਾਅਦ ਹੁਣ ਇਸ ਬਿਮਾਰੀ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਨੂੰ ਠੱਲ੍ਹ ਪਾਉਣ ਲਈ ਕੌਮਾਂਤਰੀ ਪੱਧਰ ਤੇ ਦਿਸ਼ਾ ਨਿਰਦੇਸ਼ ਜਾਰੀ ਹੋਣ ਲੱਗ ਪਏ ਹਨ। ਆਵਾਜਾਈ ਰੋਕੀ ਜਾਣ ਲੱਗੀ ਹੈ ਅਤੇ ਪ੍ਰਭਾਵਿਤ ਮੁਲਕਾਂ ਵਿਚ ਜਾਣ ਜਾਂ ਉਥੋਂ ਆਉਣ ਵਾਲਿਆਂ ਉਤੇ ਸਖਤ ਨਿਗਰਾਨੀ ਸ਼ੁਰੂ ਹੋ ਗਈ ਹੈ। ਹੁਣ ਤੱਕ ਮੈਕਸੀਕੋ ਦੇ ਲੋਕਾਂ ਨੂੰ ਹੀ ਪੂਰੀ ਦੁਨੀਆ ਵਿਚ ਸ਼ੰਕੇ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਪਰ ਹੁਣ ਇਹ ਬਿਮਾਰੀ ਦੁਨੀਆ ਭਰ ਦੇ ਉਹਨਾਂ 15 ਅਹਿਮ ਮੁਲਕਾਂ ਵਿਚ ਫੈਲ ਚੁੱਕੀ ਹੈ, ਜਿਹਨਾਂ ਵਿਚ ਆਮ ਲੋਕਾਂ ਦੀ ਆਵਾਜਾਈ ਦੁਨੀਆ ਦੀ ਕੁੱਲ ਆਬਾਦੀ ਦਾ 80 ਫੀਸਦੀ ਭਾਗ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਅੰਕੜੇ ਹਾਲ ਹੀ ਵਿਚ ਜਾਰੀ ਕੀਤੇ ਹਨ, ਉਹਨਾਂ ਮੁਤਾਬਕ ਅਮਰੀਕਾ ਵਿਚ 13,217 ਲੋਕੀ ਪ੍ਰਭਾਵਿਤ ਪਾਏ ਗਏ ਹਨ ਜਦਕਿ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜਾ ਨੰਬਰ ਕੈਨੇਡਾ ਦਾ ਹੈ, ਜਿੱਥੇ 2446 ਲੋਕੀ ਪ੍ਰਭਾਵਿਤ ਪਾਏ ਗਏ ਹਨ ਅਤੇ 4 ਦੀ ਮੌਤ ਹੋ ਚੁੱਕੀ ਹੈ। ਇੰਗਲੈਂਡ ਵਿਚ 666 ਲੋਕੀ ਇਸ ਬਿਮਾਰੀ ਤੋਂ ਪੀੜਤ ਪਾਏ ਗਏ, ਜਦਕਿ ਚੀਨ ਵਿਚ 142 ਲੋਕਾਂ ਨੂੰ ਫਲੂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਨੂੰ ਫੈਲਾਉਣ ਵਾਲੇ ਮੁਲਕ ਮੈਕਸੀਕੋ ਵਿਚ 5717 ਲੋਕੀ ਬਿਮਾਰੀ ਤੋਂ ਪੀੜਤ ਪਾਏ ਗਏ ਹਨ, ਜਦਕਿ 106 ਲੋਕੀ ਜਾਨਾਂ ਗਵਾ ਚੁੱਕੇ ਹਨ। ਇਸੇ ਤਰ੍ਹਾਂ ਹੀ ਸਪੇਨ ਵਿਚ 331 ਮਾਮਲੇ, ਪਨਾਮਾ ਵਿਚ 221, ਚਿਲੀ ਵਿਚ 1694 ਅਤੇ 2 ਦੀ ਮੌਤ, ਅਰਜਨਟੀਨਾ ਵਿਚ 235 ਲੋਕੀ ਪੀੜਤ ਪਾਏ ਗਏ, ਜਾਪਾਨ ਵਿਚ 485, ਆਸਟ੍ਰੇਲੀਆ ਵਿਚ 1324 ਅਤੇ ਹਾਲ ਹੀ ਵਿਚ ਭਾਰਤ ਵਿਚ ਵੀ ਇਸ ਬਿਮਾਰੀ ਦੇ 15 ਰੋਗੀ ਪਾਏ ਗਏ ਹਨ। ਇਸ ਬਿਮਾਰੀ ਦਾ ਇਹ ਪਸਾਰ ਸਿਰਫ 2 ਮਹੀਨਿਆਂ ਦੇ ਅੰਦਰ ਹੋਇਆ ਹੈ ਅਤੇ ਇਸ ਉਤੇ ਰੋਕ ਲਗਾਉਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਭਰ ਵਿਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਸਾਡੀਆਂ ਸਰਕਾਰਾਂ ਕਿਸੇ ਕਿਸਮ ਦੇ ਹੰਗਾਮੇ ਤੋਂ ਬਚਣ ਲਈ ਅਜਿਹੀਆਂ ਬਿਮਾਰੀਆਂ ਦਾ ਪ੍ਰਚਾਰ ਅਤੇ ਪ੍ਰਸਾਰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ। ਦੂਜਾ ਇਹਨਾਂ ਬਿਮਾਰੀਆਂ ਸਬੰਧੀ ਚਿਤਾਵਨੀਆਂ ਅਤੇ ਬਚਾਅ ਦੇ ਤਰੀਕਿਆਂ ਦਾ ਪ੍ਰਚਾਰ ਉਦੋਂ ਹੋ ਪਾਉਂਦਾ ਹੈ, ਜਦੋਂ ਇਹ ਫੈਲ ਚੁੱਕੀਆਂ ਹੁੰਦੀਆਂ ਹਨ। ਕਲਪਨਾ ਕਰੋ ਕਿ ਵਿਕਸਤ ਸਿਹਤ ਵਿਵਸਥਾ ਵਾਲੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿਚ ਇਹ ਬਿਮਾਰੀ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਕਮਜ਼ੋਰ ਸਿਹਤ ਤੰਤਰ ਵਾਲੇ ਵਿਕਾਸਸ਼ੀਲ ਮੁਲਕਾਂ ਦਾ ਕੀ ਬਣੇਗਾ? ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣਾ ਹੋਵੇਗਾ ਕਿਉਂਕਿ ਅਜਿਹੇ ਛੂਤ ਦੇ ਰੋਗ ਅੱਜ ਦੇ ਮੰਦੀ ਦੇ ਸਮੇਂ ਵਿਚ ਹੋਰ ਵੀ ਜ਼ਿਆਦਾ ਮਾਰੂ ਸਿੱਧ ਹੋ ਸਕਦੇ ਹਨ, ਜਦੋਂ ਸਾਰੀ ਦੁਨੀਆ ਆਪਣੀ ਆਰਥਿਕਤਾ ਦੀ ਰੱਖਿਆ ਲਈ ਸੁਰੱਖਿਆਤਮਕ ਨੀਤੀਆਂ ਅਪਣਾ ਰਹੀ ਹੈ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਚੌਕਸ ਹੋਈਏ ਅਤੇ ਇਸ ਚੌਕਸੀ ਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰੀਏ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੁਢਲੀ ਜਾਂਚ ਸ਼ੱਕ ਹੋਣ ਤੇ ਜ਼ਰੂਰ ਕਰਵਾਈ ਜਾਵੇ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜੇਕਰ ਇਹ ਬਿਮਾਰੀ ਜ਼ਿਆਦਾ ਵਧਦੀ ਹੈ ਤਾਂ ਇਸ ਨਾਲ ਨਿਪਟਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਇਸ ਕਰਕੇ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਇਸ ਵਿਰੁੱਧ ਚੌਕਸ ਹੋਵੇ ।
Subscribe to:
Post Comments (Atom)
No comments:
Post a Comment
My lovely readers , this is a INTERNATIONAL laungage like news paper.
Its for published all community in the world, not for any one !
Please wrote to our thouths my email address is given below;
Dharamvir Nagpal
Chief news reporter/editor
www.raajradio.com
www.dvnews-video.blogspot.com
www.dvnewslive.org
dvnews.skyrock.com
Email; drmvrbr2000@yahoo.fr
106,bis bld ney
75018 Paris